Guru Nanak Dev Bio In Punjabi


ਸ੍ਰੀ ਗੁਰੂ ਨਾਨਕ 15 ਅਪ੍ਰੈਲ 1469 – 22 ਸਤੰਬਰ 1539)[1][2][3] ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਸਿੱਖ ਗੁਰੂ ਸਨ। ਇਹਨਾਂ ਦਾ ਜਨਮ-ਦਿਹਾੜਾ ਵਿਸ਼ਵ-ਭਰ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਜੋ ਹਰ ਸਾਲ ਕੱਤਕ (ਅਕਤੂਬਰ-ਨਵੰਬਰ) ਵਿੱਚ ਅਲੱਗ-ਅਲੱਗ ਮਿਤੀ 'ਤੇ ਆਉਂਦੀ ਹੈ।[4]

ਸਿੱਖ ਇਹ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੀ ਪਵਿੱਤਰਤਾ, ਦਿੱਵਤਾ ਅਤੇ ਧਾਰਮਿਕ ਪ੍ਰਭੂਤਾ ਦੀ ਜੋਤੀ ਗੁਰਗੱਦੀ ਦੇ ਮੌਕੇ ਬਾਕੀ ਨੌਂ ਗੁਰੂਆਂ ਵਿੱਚ ਅੱਗੇ ਵੱਧਦੀ ਗਈ।[5]

ਨਾਨਕ ਨੂੰ ਸੱਤ ਸਾਲ ਦੀ ੳਮਰ ਵਿੱਚ ਆਪ ਨੂੰ ਪਾਂਧੇ ਕੋਲ ਪੜ੍ਹਣ ਲਈ ਭੇਜਿਆ ਗਿਆ। ਇਹਨਾਂ ਨੇ ਪਾਂਧੇ ਨੂੰ ਆਪਣੇ ਵਿਚਾਰਾ ਨਾਲ ਪ੍ਰਭਾਵਿਤ ਕੀਤਾ। ਇਸ ਤੋਂ ਬਿਨਾਂ ਇਹਨਾਂ ਨੇ ਫਾਰਸੀ ਅਤੇ ਸੰਸਕ੍ਰਿਤ ਦੀ ਵਿੱਦਿਆ ਪ੍ਰਾਪਤ ਕੀਤੀ। ਇਹਨਾਂ ਦਾ ਵਿਆਹ ਬੀਬੀ ਸੁਲੱਖਣੀ ਨਾਲ ਹੋਇਆ। ਬਾਬਾ ਸ਼੍ਰੀ ਚੰਦ, ਜੋ ਕਿ ਉਦਾਸੀ ਸੰਪਰਦਾ ਦੇ ਬਾਨੀ ਹੋਏ, ਤੇ ਲੱਖਮੀ ਦਾਸ ਨਾਂਅ ਦੇ ਇਹਨਾਂ ਦੇ ਦੋ ਪੁੱਤਰ ਹੋਏ।
ਸ਼ੁਰੂਆਤੀ ਜੀਵਨ
ਗੁਰਦੁਆਰਾ ਜਨਮ-ਅਸਥਾਨ, ਨਨਕਾਣਾ ਸਾਹਿਬ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469[6] ਨੂੰ ਲਾਹੌਰ, ਪਾਕਿਸਤਾਨ ਨੇੜੇ ਰਾਇ ਭੋਇ ਦੀ ਤਲਵੰਡੀ, ਜਿਸ ਨੂੰ ਹੁਣ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ, ਵਿਖੇ ਹੋਇਆ ਜਿਸਨੂੰ ਹੁਣ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ (ਗੁਰਪੁਰਬ) ਵਜੋਂ ਮਨਾਇਆ ਜਾਂਦਾ ਹੈ। ਇਸ ਸਥਾਨ 'ਤੇ ਹੁਣ ਗੁਰਦੁਆਰਾ ਜਨਮ-ਅਸਥਾਨ ਸੁਸ਼ੋਭਤ ਹੈ। ਇਹਨਾਂ ਦੇ ਪਿਤਾ, ਕਲਿਆਣ ਚੰਦ ਦਾਸ ਬੇਦੀ ਜਾਂ ਮਹਿਤਾ ਕਾਲੂ[7] ਪਿੰਡ ਤਲਵੰਡੀ ਦੇ ਫ਼ਸਲ-ਮਾਮਲੇ ਦੇ ਪਟਵਾਰੀ ਸਨ ਅਤੇ ਉਸ ਇਲਾਕੇ ਦੇ ਇੱਕ ਮੁਸਲਮਾਨ ਜਿਮੀਂਦਾਰ ਰਾਇ ਬੁਲਾਰ ਹੇਠ ਨੌਕਰੀ ਕਰਦੇ ਸਨ।[8] ਇਹਨਾਂ ਦੀ ਮਾਤਾ ਦਾ ਨਾਂ ਤ੍ਰਿਪਤਾ ਸੀ। ਇਹਨਾਂ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ ਜੋ ਇਹਨਾਂ ਦੀ ਪਹਿਲੀ ਸਿੱਖ ਬਣੀ। ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ ਸੁਲਤਾਨਪੁਰ ਲੋਧੀ ਵਿਖੇ ਹੋਇਆ ਜੋ ਲਾਹੌਰ ਦੇ ਗਵਰਨਰ ਦੌਲਤ ਖ਼ਾਨ ਦੇ ਮੋਦੀਖਾਨੇ ਵਿੱਚ ਕੰਮ ਕਰਦੇ ਸਨ। ਗੁਰੂ ਨਾਨਕ ਦਾ ਵੱਡੀ ਭੈਣ ਨਾਲ ਕਾਫ਼ੀ ਪਿਆਰ ਹੋਣ ਕਾਰਨ ਪੁਰਾਤਨ ਰਸਮਾਂ ਮੁਤਾਬਕ ਉਹ ਵੀ ਸੁਲਤਾਨਪੁਰ ਆਪਣੇ ਜੀਜੇ ਦੇ ਘਰ ਰਹਿਣ ਚਲੇ ਗਏ। ਉੱਥੇ ਉਹ 16 ਸਾਲ ਦੀ ਉਮਰ ਵਿੱਚ ਮੋਦੀਖਾਨੇ ਵਿੱਚ ਹੀ ਕੰਮ ਕਰਨ ਲੱਗ ਪਏ। ਪੁਰਾਤਨ ਜਨਮ-ਸਾਖੀਆਂ ਮੁਤਾਬਕ ਇਹ ਸਮਾਂ ਗੁਰੂ ਨਾਨਕ ਲਈ ਇੱਕ ਰਚਨਾਤਮਕ ਸਮਾਂ ਸੀ ਅਤੇ ਇਸ ਦੌਰਾਨ ਹੀ ਇਹਨਾਂ ਦੀ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਵਧੀ[9]
ਉਦਾਸੀਆਂ
ਮੁੱਖ ਲੇਖ: ਗੁਰੂ ਨਾਨਕ ਦੇਵ ਦੀਆਂ ਉਦਾਸੀਆਂ
ਭਾਰਤੀ ਜਨਤਾ ਦੀ ਦਰਦਨਾਕ ਹਾਲਤ ਨੂੰ ਤੱਕਦੇ ਹੋਏ ਆਪ ਜੀ ਨੇ ਮੋਦੀਖਾਨੇ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦੀਨ-ਦੁਖੀਆਂ ਦੀ ਸਹਾਇਤਾ ਲਈ ਇੱਕ ਲੰਮੇਰੀ ਸੰਸਾਰ-ਯਾਤਰਾ ਲਈ ਕਮਰਕੱਸੇ ਕਰ ਕੇ ਸੰਸਾਰ-ਯਾਤਰਾ ਆਰੰਭੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੈਵੀ ਸੰਦੇਸ਼ ਨੂੰ ਸਮਸਤ ਲੋਕਾਈ ਵਿੱਚ ਪ੍ਰਚਾਰਨ ਹਿਤ ਸੰਸਾਰ-ਯਾਤਰਾ ਆਰੰਭ ਕੀਤੀ, ਜਿਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ:
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ ੧:੨੪)
ਗੁਰੂ ਜੀ ਵਿਸ਼ਾਲ ਭਾਰਤ ਦੇ ਹਰ ਕੋਨੇ ’ਤੇ ਪਹੁੰਚੇ। ਉਨ੍ਹਾਂ ਮੱਧ ਪੂਰਬ ਵਿਚ ਸਥਿਤ ਇਸਲਾਮੀ ਦੇਸ਼ਾਂ ਦੇ ਲੱਗਭਗ ਸਾਰੇ ਧਰਮ ਕੇਂਦਰਾਂ ਉਂਤੇ ਜਾ ਕੇ ਵਿਵਿਧ ਪ੍ਰਕਾਰ ਦੀਆਂ ਭਾਰਤੀ ਤੇ ਸ਼ਾਮੀ ਧਰਮੀ ਪਰੰਪਰਾਵਾਂ ਨੂੰ ਨੇੜੇ ਹੋ ਕੇ ਵੇਖਿਆ। ਉਨ੍ਹਾਂ ਨੇ ਦਾਰਸ਼ਨਿਕ ਆਧਾਰਾਂ ਤੇ ਅਭਿਆਸ ਪ੍ਰਣਾਲੀਆਂ ਦਾ ਅਧਿਐਨ ਕੀਤਾ ਅਤੇ ਅਗਿਆਨ-ਗ੍ਰਸਤ ਲੋਕਾਂ ਨੂੰ ਕਿਰਿਆਚਾਰੀ ਖੰਡ ਅਤੇ ਰਿੱਧੀਆਂ-ਸਿੱਧੀਆਂ ਅਥਵਾ ਕਰਮਕਾਂਡਾਂ, ਕਰਾਮਾਤਾਂ ਆਦਿ ਦੀ ਨਿਰਾਰਥਕਤਾ ਦੀ ਪ੍ਰੇਰਨਾ ਦਿੱਤੀ। ਆਪ ਜੀ ਦੀ ਲੋਕ ਉਧਾਰਣ ਦੀ ਜੁਗਤੀ ਇਹ ਸੀ ਕਿ ਆਪ ਕਿਸੇ ਧਰਮ ਉਤਸਵ ’ਤੇ ਇਕੱਤਰ ਹੋਏ ਲੋਕਾਂ ਵਿੱਚ ਜਾ ਕੇ ਅਨੋਖੇ ਨਾਟਕੀ ਅੰਦਾਜ਼ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਅਤੇ ਉਨ੍ਹਾਂ ਦੇ ਫੋਕਟ ਕਰਮਾਂ ਦਾ ਖੰਡਨ ਕਰ ਕੇ ਉਨ੍ਹਾਂ ਨੂੰ ਸਤਿ ਵਿਵਹਾਰ ਕਰਨ ਦੀ ਸਿੱਖਿਆ-ਦੀਖਿਆ ਦੇਂਦੇ। ਅਨੇਕਾਂ ਹੀ ਉਦਾਹਰਣਾਂ ਆਪ ਜੀ ਦੇ ਜੀਵਨ ਵਿੱਚੋਂ ਮਿਲਦੀਆਂ ਹਨ। ਹਰਿਦੁਆਰ ਵਿਖੇ ਸੂਰਜ ਨੂੰ ਪਾਣੀ ਦੇਣ ਦੀ ਬਜਾਏ ਆਪ ਜੀ ਨੇ ਇਸ ਕਰਮ ਦੀ ਨਿਰਾਰਥਕਤਾ ਦਰਸਾਉਣ ਲਈ ਪੱਛਮ ਵੱਲ ਆਪਣੇ ਖੇਤਾਂ ਨੂੰ ਪਾਣੀ ਦੇਣਾ ਸ਼ੁਰੂ ਕੀਤਾ। ਲੋਕਾਈ ਦੇ ਇਸ ਭਰਮ ਨੂੰ ਰਹੱਸਮਈ ਢੰਗ ਨਾਲ ਖੰਡਨ ਕਰ ਕੇ ਗੁਰੂ ਜੀ ਨੇ ਲੋਕਾਂ ਨੂੰ ਵੀ ਪਰਮਾਤਮਾ ਦੇ ਰਾਹੇ ਤੋਰਿਆ ਸੀ।

ਪਹਿਲੀ ਉਦਾਸੀ ਪੂਰਬ ਦੀ
ਮੁੱਖ ਲੇਖ: ਪਹਿਲੀ ਉਦਾਸੀ
ਇਨ੍ਹਾਂ ਉਦਾਸੀਆਂ ਵਿੱਚੋਂ ਪਹਿਲੀ ਉਦਾਸੀ ਬਹੁਤ ਲੰਮੇਰੀ ਸੀ। ਪ੍ਰੋਃ ਸਾਹਿਬ ਸਿੰਘ ਜੀ ( ਗੁਰਮਤਿ ਪ੍ਰਕਾਸ਼ 12 ਨਵੰਬਰ 2007) ਅਨੁਸਾਰ ਭਾਦਰੋਂ ਸੰਮਤ 1564 ਤੋਂ 1572 (9 ਸਾਲ) ਸੰਨ 1497ਤੋਂ 1508 ਈਃ ਤਕ ਦੀ ਇਹ ਯਾਤਰਾ ਸੀ। ਇਸ ਯਾਤਰਾ ਦੌਰਾਨ ਆਪ ਜੀ ਨੇ ਛੇ-ਸੱਤ ਹਜ਼ਾਰ ਮੀਲ ਦਾ ਸਫ਼ਰ ਕੀਤਾ। ਇਸ ਉਦਾਸੀ ਵਿੱਚ ਆਪ ਜੀ ਨੇ ਪ੍ਰਸਿੱਧਹਿੰਦੂ ਤੀਰਥਾਂ ਹਰਿਦੁਆਰ, ਗੋਰਖ ਮਤਾ, ਅਯੁੱਧਿਆ, ਪ੍ਰਯਾਗ, ਬਨਾਰਸ, ਗਯਾ, ਜਗਨਨਾਥਪੁਰੀ, ਮਦੁਰਾਈ, ਰਾਮੇਸ਼੍ਵਰਮ, ਸੋਮਨਾਥ, ਦਵਾਰਕਾ, ਪੁਸ਼ਕਰ, ਮਥਰਾ, ਬਿੰਦਰਾਬਨ ਅਤੇ ਕੁਰੂਕਸ਼ੇਤਰ ਆਦਿ ਤੋਂ ਇਲਾਵਾ ਸਿੰਗਲਾ ਦੀਪ, ਸਿੱਕਮ, ਆਸਾਮ, ਬੰਗਾਲ, ਉੜੀਸਾ, ਦਰਾਵੜ ਦੇਸ਼ ਬੰਬਈ, ਔਰੰਗਾਬਾਦ, ਉਜੈਨ, ਕੱਛ, ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ। ਇਸ ਉਦਾਸੀ ਦੌਰਾਨ ਹੀ ਸਤਿਗੁਰੂ ਜੀ ਨੇ ਆਪਣੇ ਅਧਿਆਤਮਕ ਅਨੁਭਵਾਂ ਨੂੰ ਇੱਕ ਸੁਨਿਸ਼ਚਿਤ ਤੇ ਵਿਧੀਵਤ ਜੀਵਨਦਰਸ਼ਨ ਦਾ ਰੂਪ ਦਿੱਤਾ ਅਤੇ ਇਸ ਦੇ ਪ੍ਰਚਾਰ ਲਈ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ। ਇਸ ਉਦਾਸੀ ਤੋਂ ਵਾਪਸ ਆ ਕੇ ਆਪ ਜੀ ਆਪਣੇ ਕੁਝ ਕੁ ਪ੍ਰਮੁੱਖ ਸਿੱਖ ਸ਼ਰਧਾਲੂਆਂ ਦੀ ਸਹਾਇਤਾ ਨਾਲ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਾਵੀ ਦੇ ਕੰਢੇ ’ਤੇ ਇਕ ਨਵਾਂ ਪਿੰਡ ਕਰਤਾਰਪੁਰ ਵਸਾਇਆ। ਜਦੋਂ ਇਥੇ ਇੱਕ ਛੋਟੀ ਜਿਹੀ ਧਰਮਸ਼ਾਲਾ ਬਣ ਗਈ ਤਾਂ ਆਪ ਜੀ ਦੇ ਮਾਤਾ-ਪਿਤਾ ਵੀ ਇਥੇ ਹੀ ਆ ਗਏ। ਭਾਈ ਮਰਦਾਨਾ ਜੀ ਦਾ ਪਰਵਾਰ ਵੀ ਇਥੇ ਹੀ ਆ ਵੱਸਿਆ। ਕੁਝ ਚਿਰ ਸਤਿਗੁਰੂ ਜੀ ਨਗਰ ਵਸਾਉਣ ਦੇ ਆਹਰ ਵਿੱਚ ਰੁੱਝੇ ਰਹੇ ਪਰੰਤੂ ਛੇਤੀ ਹੀ ਦੂਜੀ ਉਦਾਸੀ ਲਈ ਚੱਲ ਪਏ।

ਦੂਜੀ ਉਦਾਸੀ ਉੱਤਰ ਦੀ
ਮੁੱਖ ਲੇਖ: ਦੂਜੀ ਉਦਾਸੀ
ਦੂਜੀ ਉਦਾਸੀ ਦੋ-ਤਿੰਨ ਕੁ ਸਾਲਾਂ ਦੀ ਸੀ। ਪ੍ਰੋਃ ਸਾਹਿਬ ਸਿੰਘ ਅਨੁਸਾਰ ਇਹ ਉਦਾਸੀ ਸੰਨ 1517 ਤੋਂ 1518 ਤਕ ਦੀ ਸੀ। ਇਸ ਉਦਾਸੀ ਦੌਰਾਨ ਗੁਰਦੇਵ ਨੇ ਜੰਮੂ ਤੇ ਕਸ਼ਮੀਰ ਦੀ ਯਾਤਰਾ ਕੀਤੀ। ਆਪ ਗਿਆਨ ਕੋਟ ਅਤੇ ਜੰਮੂ ਤੋਂ ਹੁੰਦੇ ਹੋਏ ਪਹਿਲਾਂ ਵੈਸ਼ਨੋ ਦੇਵੀ ਗਏ, ਫਿਰ ਮਟਨ ਵਿੱਚ ਅਮਰਨਾਥ ਤੇ ਉਸ ਤੋਂ ਵੀ ਪਰ੍ਹੇ ਬਰਫ਼ਾਂ ਲੱਦੀ ਪਰਬਤ ਮਾਲਾ ਉਂਤੇ, ਜਿਥੇ ਕੁਝ ਸਿੱਧਾਂ ਨਾਲ ਆਪ ਜੀ ਦਾ ਸੰਵਾਦ ਹੋਇਆ। ਭਾਈ ਗੁਰਦਾਸ ਜੀ ਦਾ ਕਥਨ ਹੈ:
-ਫਿਰਿ ਜਾਇ ਚੜ੍ਹਿਆ ਸੁਮੇਰ ਪਰਿ ਸਿਧਿ ਮੰਡਲੀ ਦ੍ਰਿਸਟਿ ਆਈ।
(ਵਾਰ ੧;੨੮)
-ਸਬਦਿ ਜਿਤੀ ਸਿਧਿ ਮੰਡਲੀ...। (ਵਾਰ ੧;੩੧)

 ਤੀਜੀ ਉਦਾਸੀ ਪੱਛਮ ਦੀ
ਮੁੱਖ ਲੇਖ: ਤੀਜੀ ਉਦਾਸੀ
ਤੀਜੀ ਉਦਾਸੀ (ਸੰਨ 1518 ਤੋਂ 1521) ਤੱਕ ਹੈ, ਆਪ ਜੀ ਕਰਤਾਰਪੁਰ ਤੋਂ ਪੱਛਮ (ਮੱਧ ਪੂਰਬ) ਦੇ ਦੇਸ਼ਾਂ ਦੀ ਯਾਤਰਾ ਲਈ ਚੱਲੇ। ਭਾਈ ਗੁਰਦਾਸ ਜੀ ਦੇ
ਕਥਨ ਅਨੁਸਾਰ: ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ। (ਵਾਰ ੧;੩੨) ਓਪਰੀਆਂ ਧਰਤੀਆਂ ਓਪਰੇ ਲੋਕ ਪਰ ਸਤਿਗੁਰੂ ਜੀ ਨੂੰ ਤਾਂ ਕੁਝ ਵੀ ਓਪਰਾ ਨਹੀਂ ਸੀ ਲੱਗਦਾ। ਸਾਰੇ ਹੀ ਆਪਣੇ ਸਨ। ਇਸ ਵਾਰ ਆਪ ਜੀ ਕਰਤਾਰਪੁਰ ਤੋਂ ਗੁਰਮਤਿ ਪ੍ਰਕਾਸ਼ 13 ਨਵੰਬਰ 2007 ਤੁਰੇ ਤਾਂ ਕਸੂਰ, ਪਾਕਪਟਨ, ਤੁਲੰਭਾ, ਮੁਲਤਾਨ, ਬਹਾਵਲਪੁਰ, ਸ਼ੱਖਰ ਆਦਿ ਕਈ ਥਾਵਾਂ ਤੋਂ ਹੁੰਦੇ ਹੋਏ ਮੁਸਲਿਮ ਹਾਜ਼ੀਆਂ ਦੇ ਕਾਫ਼ਿਲੇ ਵਿੱਚ ਸ਼ਾਮਿਲ ਹੋ ਕੇ ਮਕਰਾਨ ਦੇ ਇਲਾਕੇ ਵਿੱਚ ਪੁੱਜੇ। ਫਿਰ ਮੱਕੇ ਗਏ। ਮੱਕੇ ਹਾਜ਼ੀਆਂ ਨਾਲ ਗੁਰੂ ਜੀ ਦਾ ਵਿਚਾਰ-ਵਟਾਂਦਰਾ ਹੋਇਆ। ਰੁਕਨਦੀਨ ਨਾਲ ਬਹਿਸ ਹੋਈ। ਉਸ ਨੂੰ ਆਪਣੀ ਖੜਾਂਵ ਨਿਸ਼ਾਨੀ ਦਿੱਤੀ। ਫਿਰ ਮਦੀਨੇ ਗਏ, ਫਿਰ ਬਸਰੇ ਤੇ ਬਸਰੇ ਤੋਂ ਕਰਬਲਾ, ਫਿਰ ਬਗ਼ਦਾਦ। ਇਸ ਦਾ ਵਰਨਣ ਭਾਈ ਗੁਰਦਾਸ ਜੀ ਨੇ ਕੀਤਾ ਹੈ: ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ। ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ। (ਵਾਰ ੧;੩੫) ਰਾਗ ਨੂੰ ਹਰਾਮ ਸਮਝੇ ਜਾਣ ਵਾਲੇ ਸ਼ਹਿਰ ਵਿੱਚ ਕੀਰਤਨ, ਸੱਤ, ਜ਼ਮੀਨ, ਅਸਮਾਨ ਮੰਨਣ ਵਾਲਿਆਂ ਨੂੰ ‘ਪਾਤਾਲਾ ਪਾਤਾਲ, ਲੱਖ ਆਗਾਸਾ ਆਗਾਸ’ ਦੱਸਦੇ ਹੋਏ ਫਿਰ ਬਗ਼ਦਾਦ ਤੋਂ ਇਸਫਰਾਨ, ਤਹਿਰਾਨ, ਮਸਤੱਕ ਬੁਖ਼ਾਰਾ ਤੇ ਸਮਰਕੰਦ ਹੁੰਦੇ ਹੋਏ ਕਾਬੁਲ ਤੇ ਜਲਾਲਾਬਾਦ ਦੇ ਰਸਤੇ ਰਾਵਲਪਿੰਡੀ ਦੇ ਲਾਗੇ ਹਸਨ ਅਬਦਾਲ ਪੁੱਜੇ। ਫਿਰ ਐਮਨਾਬਾਦ ਤੋਂ ਕਰਤਾਰਪੁਰ। ਇਸ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਲਿਮ ਵਿਸ਼ਵਾਸਾਂ, ਰਹੁਰੀਤਾਂ ਤੇ ਧਰਮ-ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ। ਐਮਨਾਬਾਦ ਬਾਬਰ ਦਾ ਹਮਲਾ ਹੋਇਆ, ਜਿਸ ਦਾ ਵਰਣਨ ਆਪ ਜੀ ਨੇ ਆਪਣੀ ਬਾਣੀ ਵਿੱਚ ਕੀਤਾ।

ਮੱਕੇ
ਮੁੱਖ ਲੇਖ: ਗੁਰੂ ਨਾਨਕ ਦੇਵ ਮੱਕੇ ਵਿੱਚ
ਗੁਰੂ ਨਾਨਕ ਸਾਹਿਬ ਅਪਣੀ ਤੀਜੀ ਉਦਾਸੀ ਦੌਰਾਨ ਮੱਕੇ ਗਏ ਸਨ। ਮੱਕੇ ਜਾਣ ਵਾਲੇ ਦੌਰੇ ਵਿਚ ਉਹ ਮੁਲਤਾਨ ਵਲੋਂ ਹੋ ਕੇ ਗਏ ਸਨ। ਮੁਲਤਾਨ ਤੋਂ ਚਲ ਕੇ ਗੁਰੂ ਸਾਹਿਬ ਉੱਚ ਨਗਰ ਜਿਸ ਨੂੰ ਮੁਸਲਮਾਨ ਪੀਰਾਂ ਫ਼ਕੀਰਾਂ ਦਾ ਸ਼ਹਿਰ ਮੰਨਿਆ ਜਾਂਦਾ ਸੀ। ਇਸ ਨਗਰ ਵਿਚ ਸੱਯਦ ਜਲਾਲ ਬੁਖ਼ਾਰੀ ਦੀ ਗੱਦੀ ਦੀ ਬੜੀ ਮਾਨਤਾ ਸੀ। ਉਥੇ ਗੁਰੂ ਸਾਹਿਬ ਜਲਾਲ ਬੁਖ਼ਾਰੀ ਦੇ ਗੱਦੀਦਾਰ ਸ਼ੇਖ਼ ਹਾਜ਼ੀ ਅਬਦੁਲ ਗੁਫ਼ਾਰੀ ਕੋਲ ਠਹਿਰੇ। ਉਸ ਨਾਲ ਗੁਰੂ ਸਾਹਿਬ ਨੇ ਧਰਮ ਚਰਚਾ ਕੀਤੀ। ਉੱਚ ਨਗਰ ਵਿਚ 1947 ਤਕ ਗੁਰੂ ਨਾਨਕ ਸਾਹਿਬ ਦੀਆਂ ਖੜਾਵਾਂ, ਬੈਰਾਗਨ, ਪੱਥਰ ਦੇ ਕੜੇ, ਗੁਰਜ ਤੇ ਲੱਕੜ ਦੀ ਬੇੜੀ ਪਈਆਂ ਸਨ। ਉੱਚ ਤੋਂ ਗੁਰੂ ਸਾਹਿਬ ਭਾਰਤ ਦੇ ਅਜੋਕੇ ਗੁਜਰਾਤ ਸੂਬੇ ਦੇ ਕੱਛ ਇਲਾਕੇ ਵਿਚ ਬਸਤਾ ਬੰਦਰ ਬੰਦਰਗਾਹ 'ਤੇ ਗਏ। ਕੁੱਝ ਚਿਰ ਹਿੰਗਲਾਜ ਰੁਕਣ ਮਗਰੋਂ ਗੁਰੂ ਸਾਹਿਬ ਮੱਕੇ ਜਾਣ ਵਾਸਤੇ ਅੱਗੇ ਟੁਰ ਪਏ। ਗੁਰੂ ਸਾਹਿਬ ਦੇ ਜ਼ਮਾਨੇ ਵਿਚ ਮੱਕੇ ਜਾਣ ਵਾਸਤੇ ਸੋਨ ਮਿਆਨੀ ਤੋਂ ਮਸਕਟ ਅਤੇ ਅਸਲ ਅਸਵਦ ਤਕ ਬੇੜੀ ਦਾ ਸਫ਼ਰ ਕੀਤਾ ਜਾਂਦਾ ਸੀ। ਅਸਲ ਅਸਵਦ, ਜੱਦਾ ਤੋਂ ਤਕਰੀਬਨ 20 ਕਿਲੋਮੀਟਰ ਹੈ। ਗੁਰੂ ਨਾਨਕ ਸਾਹਿਬ, ਸ਼ਾਇਦ, ਅਸਲ ਅਸਵਦ ਦੇ ਰਸਤੇ ਹੀ ਮੱਕਾ ਗਏ ਸਨ। ਗੁਰੂ ਨਾਨਕ ਸਾਹਿਬ, ਦਸੰਬਰ 1518 ਵਿਚ ਮੱਕਾ ਪੁੱਜੇ ਸਨ।

ਅੰਤਿਮ ਸਮਾਂ
ਆਪਣੇ ਜੀਵਨ ਦੇ ਅੰਤਿਮ ਅੱਠ-ਦਸ ਵਰ੍ਹੇ ਆਪ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ। ਜਿਥੇ ਆਪ ਜੀ ਨਿਤਨੇਮ, ਕਥਾ-ਕੀਰਤਨ ਤੇ ਭਜਨ-ਬੰਦਗੀ ਕਰਦੇ ਅਤੇ ਹਰ ਕਿਸੇ ਨੂੰ ਪ੍ਰਭੂ ਹੁਕਮ ਅਨੁਸਾਰ ਜੀਵਨ ਬਿਤਾਉਣ ਤੇ ਸਤਿਨਾਮੁ ਦਾ ਅਭਿਆਸ ਕਰਨ ਦੀ ਸਿਖਿਆ ਦੇਂਦੇ। ਭਾਈ ਮਰਦਾਨਾ ਜੀ ਨੇ ਆਪਣੇ ਅੰਤਿਮ ਸਵਾਸ ਆਪ ਜੀ ਦੀ ਗੋਦ ਵਿੱਚ ਲਏ। ਭਾਈ ਗੁਰਦਾਸ ਜੀ ਕਰਤਾਰਪੁਰ ਦੀ ਧਰਮਸ਼ਾਲਾ ਦਾ ਵਰਣਨ ਕਰਦੇ ਫ਼ੁਰਮਾਉਂਦੇ ਹਨ: ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧਨੁਕਾਰਾ। (ਵਾਰ 1;38) ਇਥੇ ਹੀ ਆਪ ਜੀ ਦਾ ਦੀਦਾਰ ਕਰਨ ਭਾਈ ਲਹਿਣਾ ਜੀ ਆਏ। ਦੀਦਾਰ ਐਸਾ ਹੋਇਆ ਕਿ ਜੋਤੀ ਜੋਤਿ ਰਲੀ। ਦੋਵੇਂ ਇੱਕ ਜੋਤ ਹੋ ਗਏ। ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਗ ਬਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਨਿਬੜੇ। 07 ਸਤੰਬਰ, ਸੰਨ 1539 ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਜੋਤਿ ਰੂਪੀ ਨੂਰ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਵਿੱਚ ਟਿਕਾ ਕੇ ਅਕਾਲ ਸਤਿ ਵਿੱਚ ਸਮਾ ਗਏ:

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ (ਪੰਨਾ 846)

ਰਚਨਾਵਾਂ

·         ਜਪੁ

·         ਮਾਝ ਦੀ ਵਾਰ

·         ਰਚਨਾ ਪੱਟੀ

·         ਆਸਾ ਦੀ ਵਾਰ

·         ਸਿਧ ਗੋਸਟਿ

·         ਬਾਰਾਂ ਮਾਹ

·         ਮੱਲਾਰ ਦੀ ਵਾਰ

·         ਸੋਹਿਲਾ

·         ਪਹਿਰੇ

·         ਵਣਜਾਰੇ

·         ਅਲਾਹੁਣੀ

·         ਬਾਬਰ-ਵਾਣੀ

·         ਅਸ਼ਟਪਦੀ

·         ਛੰਤ

·         ਰੇਖਤਾ

·         ਸਲੋਕ

ਗੁਰੂ ਨਾਨਕ ਦੇ ਮੁਰੀਦ
ਮੁਸਲਿਮ ਮੁਰੀਦ

·         ਮਾਈ ਦਉਲਤਾਂ ਦਾਈ ਮਾਈ

·         ਚੌਧਰੀ ਰਾਇ ਬੁਲਾਰ ਭੱਟੀ

·         ਭਾਈ ਮਰਦਾਨਾ

·         ਜਮਲਸ ਮਰਦਾਨਾ ਮੀਰਾਸੀ

·         ਨਵਾਬ ਦੌਲਤ ਖ਼ਾਂ ਲੋਧੀ

·         ਨਵਾਬ ਫ਼ੈਜ਼ ਤਲਬ ਖਾਂ

·         ਬਾਬਰ ਬਾਦਸ਼ਾਹ

·         ਮੁਰਾਦ ਬਗ਼ਦਾਦ

·         ਸ਼ੇਖ਼ ਬ੍ਰਹਮ

·         ਦਾਉਦ ਜੁਲਾਹਾ

·         ਸਾਈਂ ਅੱਲ੍ਹਾ ਦਿੱਤਾ

 WAHEGURU JI

0 comments:

Post a Comment

Contact

Talk to us

Hello, Guys . I Am Bhinder Singh How Can I Help You. Please Contact With Some Options.For More Contact Details Visit Me Website Contact Page.CLICK_HERE

Email:

bhinderbadraofficial@gmail.com

Phone:

+91 98159-34630

Work Time:

10:00 AM TO 3:00 PM

THIS WEBSITE HAS BEEN UPDATED ON 19-03-2024.