Guru Amar das Ji Bio In Punjabi


ਗੁਰੂ ਅਮਰਦਾਸ


ਸ੍ਰੀ ਗੁਰੂ ਅਮਰਦਾਸ ਜੀ ਸਿੱਖ ਕੌਮ ਦੇ ਤੀਜੇ ਗੁਰੂ ਸਨ। ਗੁਰੂ ਜੀ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਸਨ। ਗੁਰੂ ਅਮਰਦਾਸ ਜੀ ਸਭ ਗੁਰੂਆਂ ਤੋਂ ਲੰਮੀ ਉਮਰ ਬਤੀਤ ਕਰਨ ਵਾਲੇ ਅਤੇ ਗੁਰੂ ਨਾਨਕ ਦੇਵ ਜੀ ਤੋਂ ਕੇਵਲ ਦਸ ਵਰ੍ਹੇ ਹੀ ਛੋਟੇ ਸਨ।

ਮੁੱਢਲਾ ਜੀਵਨ

ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ (ਵਿਸਾਖ ਸੁਦੀ 14 ਸੰਮਤ 1536) [1] ਵਿੱਚ ਹੁਣ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਬਾਸਰਕੇ ਨਾਮੀ ਪਿੰਡ ਵਿੱਚ ਮਾਤਾ ਸੁਲੱਖਣੀ ਦੇ ਗ੍ਰਹਿ ਵਿਖੇ ਹੋਇਆ। ਆਪ ਦੇ ਪਿਤਾ ਤੇਜ ਭਾਨ, ਭੱਲਾ ਪਰਿਵਾਰ ਦੇ ਇੱਕ ਛੋਟੇ ਜਿਹੇ ਵਪਾਰੀ ਸਨ। 24 ਸਾਲ ਦੀ ਉਮਰ ਵਿੱਚ ਤੀਜੇ ਗੁਰੂ ਜੀ ਦਾ ਵਿਆਹ ਹੋ ਗਿਆ ਤੇ ਉਨ੍ਹਾਂ ਦੇ ਘਰ ਦੋ ਪੁੱਤਰ ਮੋਹਣ ਤੇ ਮੋਹਰੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਪੈਦਾ ਹੋਈਆਂ।

ਗੁਰੂ ਧਾਰਨਾ

ਗੁਰੂ ਅਮਰਦਾਸ ਜੀ ਪੱਕੇ ਵੈਸ਼ਨੂੰ ਮੱਤ ਦੇ ਅਨੁਯਾਈ ਸਨ ਤੇ ਹਰ ਸਾਲ ਗੰਗਾ ਇਸ਼ਨਾਨ ਲਈ ਜਾਇਆ ਕਰਦੇ ਸਨ। ਇੱਕ ਦਿਨ ਉਹ ਗੰਗਾ ਯਾਤਰਾ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਮੁਲਾਕਾਤ ਇੱਕ ਸਾਧੂ ਨਾਲ ਹੋਈ। ਅਮਰਦਾਸ ਜੀ ਨੇ ਉਸ ਸਾਧੂ ਨੂੰ ਭੋਜਨ ਛਕਾਇਆ। ਭੋਜਨ ਛਕਣ ਤੋਂ ਬਾਅਦ ਸਾਧੂ ਨੇ ਅਮਰਦਾਸ ਜੀ ਕੋਲੋਂ ਉਨ੍ਹਾਂ ਦੇ ਗੁਰੂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗੁਰੂ ਕੋਈ ਨਹੀਂ। ਉਹ ਕ੍ਰੋਧਿਤ ਹੋ ਉਠਿਆ ਅਤੇ ਕਹਿਣ ਲੱਗਿਆ, ਮੈਂ ਗੁਰੂਹੀਣ ਵਿਅਕਤੀ ਦੇ ਹੱਥੋਂ ਭੋਜਨ ਕਰ ਕੇ ਬਹੁਤ ਵੱਡਾ ਪਾਪ ਕੀਤਾ ਹੈ ਅਤੇ ਮੈਨੂੰ ਇਹ ਪਾਪ ਧੋਣ ਲਈ ਫਿਰ ਗੰਗਾ ਜਾਣਾ ਪਵੇਗਾ। ਇਹ ਸ਼ਬਦ ਸੁਣ ਕੇ ਅਮਰਦਾਸ ਜੀ ਦਾ ਮਨ ਬੜਾ ਦੁਖੀ ਹੋਇਆ ਤੇ ਉਨ੍ਹਾਂ ਨੇ ਈਸ਼ਵਰ ਅੱਗੇ ਗੁਰੂ ਲਈ ਪ੍ਰਾਰਥਨਾ ਕੀਤੀ।

ਸੇਵਾ ਤੇ ਸਿਮਰਨ ਦੇ ਪੁੰਜ

ਇੱਕ ਦਿਨ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਜੋ ਗੁਰੂ ਜੀ ਦੇ ਭਰਾ ਦੀ ਨੂੰਹ ਸੀ, ਦੇ ਮੁਖ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕੁਝ ਸ਼ਬਦ ਸੁਣੇ। ਇਹ ਮਿੱਠੇ ਸ਼ਬਦ ਸੁਣ ਕੇ ਅਮਰਦਾਸ ਜੀ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ। ਉਨ੍ਹਾਂ ਬੀਬੀ ਅਮਰੋ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੇ ਪਿਤਾ ਜੀ ਪਾਸ ਲੈ ਚੱਲੇ। ਬੀਬੀ ਅਮਰੋ ਦੇ ਉਨ੍ਹਾਂ ਨੂੰ ਉਥੇ ਲਿਜਾਣ ’ਤੇ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨੀ ਪੈ ਗਏ ਤੇ ਬਾਅਦ ਵਿੱਚ ਉਨ੍ਹਾਂ ਦੇ ਪੱਕੇ ਸ਼ਰਧਾਲੂ ਬਣ ਗਏ। ਉਸ ਸਮੇਂ ਅਮਰਦਾਸ ਜੀ ਦੀ ਉਮਰ ਤਕਰੀਬਨ 62 ਸਾਲਾਂ ਦੀ ਸੀ। ਉਨ੍ਹਾਂ ਨੇ ਗੁਰੂ ਸਾਹਿਬ ਦੇ ਕੋਲ ਖਡੂਰ ਸਾਹਿਬ ਵਿਖੇ ਨਿਵਾਸ ਕਰ ਲਿਆ ਅਤੇ ਅਗਲੇ ਗਿਆਰਾਂ ਸਾਲਾਂ ਵਿੱਚ ਉਨ੍ਹਾਂ ਨੇ ਤਨ-ਮਨ ਨਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ। ਅਮਰਦਾਸ ਜੀ ਹਰ ਰੋਜ਼ ਪ੍ਰਭਾਤ ਵੇਲੇ ਬਿਆਸ ਨਦੀ ’ਤੇ ਗੁਰੂ ਸਾਹਿਬ ਦੇ ਇਸ਼ਨਾਨ ਕਰਨ ਲਈ ਪਾਣੀ ਲਿਆਇਆ ਕਰਦੇ ਸਨ। ਕਈ ਲੋਕ ਉਨ੍ਹਾਂ ਨੂੰ ‘ਨੌਕਰ, ਪਾਗਲ, ਕਹਾਰ’ ਭਾਵ ਪਾਣੀ ਢੋਣ ਵਾਲਾ ਆਦਿ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਉਂਦੇ ਸਨ। ਅਮਰਦਾਸ ਜੀ ਇਨ੍ਹਾਂ ਨਿਰਾਦਰੀ ਭਰੇ ਸ਼ਬਦਾਂ ਦੀ ਕੋਈ ਪਰਵਾਹ ਨਹੀਂ ਕਰਦੇ ਸਨ। ਉਨ੍ਹਾਂ ਦੇ ਮਨ ਵਿੱਚ ਆਪਣੇ ਗੁਰੂ ਲਈ ਸਤਿਕਾਰ ਸੀ। ਉਹ ਆਪਣੇ ਘਰ ਵਿੱਚ ਵੀ ਗੁਰੂ ਦੇ ਸਥਾਨ ਵੱਲ ਪਿੱਠ ਨਹੀਂ ਕਰਦੇ ਸਨ।

ਨਿਥਾਵਿਆਂ ਦੀ ਥਾਂ

ਇੱਕ ਰਾਤ ਸਖ਼ਤ ਸਰਦੀ ਦੇ ਨਾਲ ਮੀਂਹ ਪੈ ਰਿਹਾ ਸੀ। ਅਮਰਦਾਸ ਪਾਣੀ ਲੈ ਕੇ ਵਾਪਸ ਆ ਰਹੇ ਸਨ ਤਾਂ ਇੱਕ ਜੁਲਾਹੇ ਦੇ ਘਰ ਦੇ ਅੱਗੇ ਖੱਡੀ ਦੇ ਕਿੱਲੇ ਨਾਲ ਠੋਕਰ ਲੱਗਣ ਨਾਲ ਡਿੱਗ ਪਏ। ‘ਕੌਣ ਹੈ?’ ਜੁਲਾਹੇ ਦੀ ਪਤਨੀ ਨੇ ਪੁੱਛਿਆ। ਹੋਵੇਗਾ, ਉਹ ਅਮਰ ਨਿਥਾਵਾਂ ਜਿਸ ਨੂੰ ਦਿਨੇ ਚੈਨ ਤੇ ਨਾ ਰਾਤੀਂ ਆਰਾਮ। ਪਤੀ ਨੇ ਉੱਤਰ ਦਿੱਤਾ। ਗੁਰੂ ਅੰਗਦ ਦੇਵ ਜੀ ਨੇ ਇਹ ਕਿੱਸਾ ਸੁਣਿਆ ਤਾਂ ਕਿਹਾ ਕਿ ਅਮਰੂ ਅੱਜ ਤੋਂ ਨਿਥਾਵਿਆਂ ਦੀ ਥਾਂ, ਨਿਆਸਰਿਆਂ ਦਾ ਆਸਰਾ, ਨਿਘਰਿਆਂ ਦਾ ਘਰ ਅਤੇ ਇਹ ਕੁਝ 12 ਨਾਵਾਂ ਨਾਲ ਪ੍ਰਸੰਸਾ ਕੀਤੀ। ਗੁਰੂ ਅੰਗਦ ਦੇਵ ਜੀ ਅਮਰਦਾਸ ਜੀ ਦੀ ਸ਼ਰਧਾ, ਸੇਵਾ ਭਾਵਨਾ, ਹਲੀਮੀ ਅਤੇ ਨਿਮਰਤਾ ਤੋਂ ਪ੍ਰਭਾਵਿਤ ਹੋਏ। ਸਿੱਖ ਪਰੰਪਰਾ ਅਨੁਸਾਰ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਹੋਣ ਦਾ ਐਲਾਨ ਕਰ ਦਿੱਤਾ। ਮਾਰਚ 1552 ਈਸਵੀ ਵਿੱਚ ਅਮਰਦਾਸ ਜੀ ਦੇ ਗੁਰਗੱਦੀ ਉੱਤੇ ਬੈਠਣ ਦੀ ਸਾਧਾਰਨ ਰਸਮ ਕੀਤੀ ਗਈ।

ਕਾਰਜ

ਗੁਰੂ ਅਮਰਦਾਸ ਜੀ ਨੂੰ ਗੱਦੀ ਉੱਤੇ ਬੈਠਣ ਸਮੇਂ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁਸ਼ਕਲਾਂ ਨੂੰ ਚੀਰਦੇ ਹੋਏ ਆਪ ਨੇ ਸਿੱਖ ਮੱਤ ਦੇ ਸੰਗਠਨ ਤੇ ਵਿਕਾਸ ਲਈ ਅਨੇਕਾਂ ਕੰਮ ਵੀ ਕੀਤੇ, ਜਿਹਨਾਂ ਵਿੱਚੋਂ ਗੋਇੰਦਵਾਲ ਵਿੱਚ ਬਉਲੀ ਦਾ ਨਿਰਮਾਣ, ਲੰਗਰ ਸੰਸਥਾ ਦਾ ਵਿਸਥਾਰ, ਸ਼ਬਦਾਂ ਦੇ ਸੰਗ੍ਰਹਿ ਤੇ ਸੰਗਠਨ ਤੋਂ ਇਲਾਵਾ ਸਮਾਜਿਕ ਸੁਧਾਰ ਵੀ ਕੀਤੇ। ਉਨ੍ਹਾਂ ਨੇ ਜਾਤੀ ਭੇਦਭਾਵ ਅਤੇ ਛੂਤਛਾਤ ਦਾ ਖੰਡਨ ਕੀਤਾ, ਸਤੀ ਪ੍ਰਥਾ ਦੀ ਨਿਖੇਧੀ ਕੀਤੀ। ਪਰਦੇ ਦੀ ਪ੍ਰਥਾ ਦੀ ਮਨਾਹੀ, ਨਸ਼ਿਆਂ ਦੀ ਨਿਖੇਧੀ, ਮੌਤ, ਵਿਆਹ ਤੇ ਜਨਮ ਸੰਬੰਧੀ ਰੀਤਾਂ ਵਿੱਚ ਸੁਧਾਰ ਕੀਤਾ। ਲੰਗਰ ਅਤੇ ਪੰਗਤ ਦੀ ਵਿਵਸਥਾ ਗੁਰੂ ਅਮਰਦਾਸ ਜੀ ਦੀ ਦੇਣ ਹੈ। ਉਨ੍ਹਾਂ ਦੇ ਲੰਗਰ ਵਿੱਚ ਸਮਰਾਟ ਅਕਬਰ ਨੇ ਵੀ ਲੰਗਰ ਛਕਿਆ।

ਬਾਣੀ

ਗੁਰੂ ਅਮਰਦਾਸ ਜੀ ਨੇ ਸਿੱਖ ਮੱਤ ਦੇ ਸੰਗਠਨ ਤੇ ਵਿਕਾਸ ਲਈ ਆਪਣੇ 22 ਵਰ੍ਹਿਆਂ ਦੇ ਗੁਰੂ ਕਾਲ ਵਿੱਚ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ। ਗੁਰੂ ਅਮਰਦਾਸ ਜੀ ਦੀ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 907 ਸ਼ਬਦ, 19 ਰਾਗਾਂ ਵਿੱਚ ਅੰਕਿਤ ਹਨ।

ਜੋਤੀ ਜੋਤ

ਗੁਰੂ ਅਮਰਦਾਸ ਜੀ ਨੇ 1 ਸਤੰਬਰ 1574 ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਸੌਂਪੀ, ਅਤੇ ਇਸ ਤੋਂ ਬਾਅਦ ਆਪ ਜੋਤੀ ਜੋਤ ਸਮਾ ਗਏ।[2]]

0 #type=(blogger):

Post a Comment

Contact

Talk to us

Hello, Guys . I Am Bhinder Singh How Can I Help You. Please Contact With Some Options.For More Contact Details Visit Me Website Contact Page.CLICK_HERE

Email:

bhinderbadraofficial@gmail.com

Phone:

+91 98159-34630

Work Time:

10:00 AM TO 3:00 PM

THIS WEBSITE HAS BEEN UPDATED ON 19-03-2024.